Wednesday 18 May 2011

ਕੋਰਾ ਸੁਪਨਾ

ਸਾਂਵਲੀ ਜਹੀ ਸੜਕ ਮੇਰੇ ਪਿੰਡ ਦੀ,

ਮੀਲ ਪੱਥਰ, ਬੁਰਜੀਆਂ,

ਕੰਢੇ ਉੱਤੇ ਲੱਗੀਆਂ ਹੋਈਆਂ ਟਾਲੀਆਂ,

ਤੇ ਉਨ੍ਹਾਂ ਦੇ ਪੱਤਿਆਂ ਦਾ ਖੜਾਕ,

ਮੇਰੇ ਕੰਨਾਂ 'ਚ ਗੁਰਬਾਣੀ ਵਾਂਗ ਪੈ ਰਿਹਾ ਹੈ.....

ਤੇ ਦੂਰੋਂ ਦਿਸਦਾ ਮੇਰਾ ਪਿੰਡ,

ਜਲਦੀ ਜਲਦੀ ਆਜਾ

ਮੈਨੂੰ ਕਹਿ ਰਿਹਾ ਹੈ......


ਸੜਕ ਦੀ ਹਿੱਕ ਉਤੇ ਅੰਬੀਆਂ ਦੇ ਰੁੱਖ,

ਅਪਣੇ ਉੱਤੇ ਆਏ ਬੂਰ ਦੀ ਮਹਿਕ,

ਖਿਲਾਰ ਰਹੇ ਨੇ।

ਉਨ੍ਹਾਂ ਉੱਤੇ ਬੇਠੇ ਹੋਏ ,

ਘੁੱਗੀਆਂ ਦੇ ਜੋੜੇ,

ਇਕ ਦੂਜੇ ਨੂੰ ਪਿਆਰ ਨਾਲ,

ਪੁਚਕਾਰ ਰਹੇ ਨ......


ਪੰਛੀਆਂ ਦੀ ਵੀ ਇਕ ਡਾਰ,

ਜਾ ਰਹੀ ਹੈ ਅਪਣੇ ਆਹਲਣਿਆਂ,

ਨੂੰ ਉਸ ਪਾਰ..


ਆਉਂਦੇ ਜਾਂਦੇ ਮੇਰੇ ਯਾਰ ਬੇਲੀ,

ਤੇ ਪਿੰਡ ਦੇ ਲੋਕ,

ਪੁੱਛ ਰਹੇ ਨੇ ਮੇਰਾ ਹਾਲ...


ਆਖਦੇ ਨੇ

ਬੜੇ ਚਿਰੀਂ ਗੇੜਾ ਮਾਰਿਆ?

ਐਨੇ ਵਰ੍ਹੇ ਸਮਾਂ ਤੂੰ ਕਿਵੇ ਦਾ ਗੁਜ਼ਾਰਿਆ?


ਹੁਣ ਮੇਰੇ ਪਿੰਡ ਦਾ ਬੋਹੜ ਨਜ਼ਰੀਂ ਪੈ ਗਿਆ।

ਵੇਖ ਮੇਰੇ ਦਿਲੋਂ,

ਚਾਵਾਂ ਦਾ ਹੜ੍ਹ ਵਿਹ ਗਿਆ।


ਤੋਰ ਮੇਰੀ ਹੁਣ ਬਦੋ ਬਦੀ ਤੇਜ ਹੋ ਗਈ,

ਸੜਕ ਜਾਪੇ ਫੁੱਲਾਂ ਲੱਦੀ ਸੇਜ ਹੋ ਗਈ....


ਮੈ ਪਿੰਡ ਦੀ ਜੂਹ ਨੂੰ ਮੱਥਾ ਟੇਕਿਆ,

ਇਕ ਨਜ਼ਰ ਭਰ ਮੈ ਆਪਣਾ ਪਿੰਡ ਵੇਖਿਆ,


ਫੇਰ ਕੀ ਸੀ,

ਕਾਲੀ ਬੋਲੀ ਹਨੇਰੀ ਝੁੱਲ ਗਈ,

ਹਏ ਰੱਬਾ ਕਾਹਤੋਂ ਮੇਰੀ,

ਨੀਂਦ ਖੁੱਲ ਗਈ................????????



ਇੰਦਰਪੀ੍ਤ ਸਿੰਘ

No comments:

Post a Comment