Monday 7 March 2011

ਯਾਰ ਮਿਲਾਵੇ ਜਿਹੜਾ ਮੈਨੂੰ

ਹਿਜ਼ਰ ਦੀਆਂ ਲਮੀਆਂ ਰਾਤਾਂ ਵਿੱਚ

ਗ਼ਮ ਦਿਆਂ ਕਾਲਿਆਂ ਬੱਦਲਾਂ ਵਿੱਚੋਂ,

ਕੜਕ ਕੜਕ ਕੇ ਬਿਜਲੀ ਵਾਗੂੰ,

ਦੁੱਖ ਪਿਆ ਮਾਰੇ ਚਪੇੜਾ ਮੈਨੂੰ |


ਪਿੰਡ 'ਚੋਂ ਲੰਗਦੇ ਅਜਨਬੀ ਤਾਈ,

ਬੱਚੇ ਜਿਓਂ ਚੜਾਉਦੇ ਦੱਦੀਆਂ,

ਦੁੱਖ ਵੀ ਮੇਰੇ ਦੇਖ ਲੈ ਅੜੀਏ,

ਪਏ ਕਰਦੇ ਨੇ ਝੈੜਾਂ ਮੈਨੂੰ


ਸੁਨਸਾਨ ਸਮਸ਼ਾਨ 'ਚ ਕਿਧਰੇ,

ਡੈਣ ਕੀਰਣੇ ਪਾਉਂਦੀ ਜੀਕਣ,

ਇੰਝ ਪਿਆ ਮੈ ਰੋਵਾਂ ਅੜੀਏ,

ਆਣ ਵਰਾਵੇ ਕਿਹੜਾ ਮੈਨੂੰ?


ਹਰ ਖੁੰਜੇ ਕੋਈ ਸਾਜਿਸ਼ ਬੈਠੀ,

ਨੱਚੇ ਮੌਤ ਚੁਬਾਰੇ ਚੜਕੇ,

ਕੱਲੇ-ਕਹਿਰੇ ਘਰ ਬੈਠੇ ਨੂੰ,

ਵੱਢ-ਵੱਢ ਖਾਵੇ ਵਿਹੜਾ ਮੈਨੂੰ|


ਉਸ ਨੂੰ ਪੂਜਾਂ ਰੱਖ ਮੰਦਰ ਵਿੱਚ,

ਜਿੰਦੜੀ "ਪੀ੍ਤ" ਤੋ ਘੋਲ ਘੁਮਾਵਾਂ,

ਉਮਰਾਂ ਭਰ ਲਈ ਨੌਕਰ ਹੋਜਾਂ,

ਯਾਰ ਮਿਲਾਵੇ ਜਿਹੜਾ ਮੈਨੂੰ |


ਇੰਦਰਪ੍ਰੀਤ ਸਿੰਘ

ਮੂੰਹਾਂ ਦੇ ਨਾਲ ਕੁੱਤਾ ਬੰਨ੍ ਕੇ

ਮੂੰਹਾਂ ਦੇ ਨਾਲ ਕੁੱਤਾ ਬੰਨ੍ ਕੇ,

ਮੰਗਦੇ ਫਿਰਦੇ ਨੇ ਵੋਟਾਂ|


ਪਿਆਰਾਂ ਦੇ ਦੇਣ ਮਿੱਠੇ ਮਿੱਠੇ ਦਿਲਾਸੇ,

ਮੰਨ 'ਚ ਕਾਲੀਆਂ ਖੋਟਾਂ|


ਖ਼ੁਦ ਹੀ ਲਾਵਣ ਜ਼ਖਮਾਂ ਤੇ ਮੱਲ੍ਮਾਂ,

ਖ਼ੁਦ ਹੀ ਲਾਵਣ ਚੋਟਾਂ|


ਸੁਣਿਆਂ ਮੈ ਉਹ ਫਿਰ ਅੱਜ ਜਿੱਤਿਆ,

ਪਰ ਜਿੱਤਿਆ ਸਿਰ ਨੋਟਾਂ |


ਮੂੰਹਾਂ ਦੇ ਨਾਲ ਕੁੱਤਾ ਬੰਨ੍ਕੇ,

ਮੰਗਦੇ ਫਿਰਦੇ ਨੇ ਵੋਟਾਂ|


ਇੰਦਰਪ੍ਰੀਤ ਸਿੰਘ

ਇਹ ਕੇਸੀ ਸ਼ਮਸ਼ਾਣ

ਇਕ ਫੂਕ ਜੋ ਮਘਾਵੇ ਬਲਦੀ ਅੱਗ ਨੂੰ,

ਇਕ ਫੂਕ ਜੋ ਵੰਝਲੀ 'ਚੋ ਸੁਰਾਂ ਨੂੰ ਕੱਢਦੀ ਹੈ|


ਦੰਦੇ ਆਰੀ ਨੂੰ ਇਕ ਪਾਸੇ ਉਹ ਵੱਡੇ ਇਕੋ ਪਾਸਿੳ ਹੀ,

ਹੈ ਦੁਨੀਆਂ ਨੂੰ ਦੋਹੀਂ ਪਾਸੀਂ ਉਹ ਦੋਹੀਂ ਪਾਸੀਂ ਵੱਢਦੀ ਹੈ|


ਕੋਹੀ ਜਾਵਦੀ ਹੈ ਆਦਮ ਦੀ ਜ਼ਾਤ ਹੀ ਆਦਮ ਨੂੰ,

ਕਹਿੰਦੇ ਨੇ ਕੀ ਸੱਤ ਘਰ ਤਾਂ ਡੈਣਂ ਵੀ ਛੱਡਦੀ ਹੈ|


ਉਹ ਤੜਫੀਆ ਬਿਜਲੀ ਵਾਂਗ ਕਿਸੇ ਨੇ ਸੱਚ ਸੁਨਾਇਆਂ ਜਦੋ,

ਕਿਉਕਿ ਸੱਚੀ ਗੱਲ ਹਮੈਸ਼ਾਂ ਗੋਲੀ ਬਣ ਵੱਜਦੀ ਹੈ|


ਕਿਨੇ ਖਾ ਗਈ ਕਿਨੇ ਹੋਰ ਨੇ ਖਾ ਜਾਣੈ "ਪੀ੍ਤ ਵੇ",

ਇਹ ਕੇਸੀ ਸ਼ਮਸ਼ਾਣ ਜੋ ਆਦਮ ਖਾ ਨਾ ਰੱਜਦੀ ਹੈ|


ਅਪਣੀ ਪੱਗ ਕਈ ਵਾਰੀਂ ਲੱਥੀ ਸੱਥਾਂ ਵਿੱਚ,

ਕਿਹ ਦਿੰਦੇ ਨੇ ਫਿਰ ਵੀ ਕੇ ਉਹ ਸਿਰ ਨਾ ਕੱਜਦੀ ਹੈ|


ਇੰਦਰਪ੍ਰੀਤ ਸਿੰਘ

ਇਕਬਾਲ-ਏ-ਜੁਰਮ

ਗੰਦਾ ਕਿਰਦਾਰ ਮੇਰਾ

ਗੰਦੀ ਸੋਚਣੀ,

ਗੰਦਾ ਜ਼ਿਹਨ ਮੇਰਾ,

ਹਰ ਚੀਜ ਚਾਵੇ ਨੋਚਣੀ,

ਗੰਦੀ ਨਜ਼ਰ ਮੇਰੀ,

ਗੰਦੀ ਜ਼ੁਬਾਨ,

ਹਰ ਕਿਸੇ ਨੂੰ ਪਵੇ ਵੱਡਣ ਖਾਣ...


ਆਪਣੇ ਜਿਸਮ ਨੂੰ ਹੀਹੱਥ ਨਾ ਲਾਵਾਂ ਮੈ,

ਡਰਦਾ ਹਾਂ ਕਿਤੇ

ਭਸਮ ਨਾ ਹੋ ਜਾਵਾਂ ਮੈ..

ਜੋ ਮਨ ਚ ਸਨ ਮੰਦਰ,

ਸਭ ਹੋ ਗਏ ਨੇ ਖੰਡਰ,

ਕਿੰਨੇ ਚੋਰ ਨੇ ਮੇਰੇ ਅੰਦਰ,

ਇੱਕ ਮੂਰਤ ਜਿਹੜੀ ਰਬ ਦੀ ਹੈ,

ਮੇਰੇ ਕਾਮ ਹੇਠਾਂ ਦਬਗੀ ਹੈ,


ਏਨਾ ਭਾਰ ਹੈਜੋ ਨਾ ਲਹਿ ਸਕਦੈ,

ਨਾ ਹੀ ਰੱਬ ਕੋਈ,

ਅੰਦਰ ਰਹਿ ਸਕਦੈ,

ਗੰਦੇ ਕਰਮਾਂ ਦੀ ਬਦਬੋ ਨਾਲ,

ਉਹਨੇ ਭੱਜ ਜਾਣੈ,


ਜਿੰਦਗੀ ਤਾਂ ਜਿੰਦਗੀ,

ਮੌਤ ਵੀ ਨਾ ਚਾਹਵਾਂ ਮੈ,

ਦਸ ਫਿਰ ਕਿੰਝ,

ਇਸ ਚਿਕੜ 'ਚੋ,

ਨਿਕਲ ਪਾਵਾਂ ਮੈ?


ਮਾਸ ਦਾ ਬਣਇਆ,

ਮਾਸ ਹੀ ਖਾਵਦਾ ਹਾਂ,

ਦੁਨੀਆਂ ਦੇ ਹਰ ਨਸ਼ੇ ਨੂੰ,

ਪੀ ਖਾ ਜਾਣਾ ਚਾਹਵਦਾਂ ਹਾਂ,

ਮੈ ਇਕ ਵਹਿਸ਼ੀ ਜਾਨਵਰ ਹਾਂ,

ਬੋਹਤ ਖੁਂਖ਼ਾਰ ਹੋ ਗਿਆ ਹਾਂ,

ਇਨਸਾਨੀਅਤ ਨੂੰ ਵੀ,

ਮੈਂ ਰੱਜ ਕੋਹ ਗਿਆ ਹਾਂ,


ਬੜਾ ਭੈੜਾ ਹੈ ਚਿਹਰਾ ਮੇਰਾ,

ਪਰ ਢੱਕਿਆ ਏ,

ਮੈ ਉਸ ਉਪਰ ਇਨਸਾਨ ਦਾ ਨਕਾਬ

ਚੜਾ ਰੱਖਿਆ ਏ..


ਇੰਦਰਪ੍ਰੀਤ ਸਿੰਘ

ਮਾਂ ਦੀਆਂ ਯਾਦਾਂ

ਓਹ ਮਾਂ ਮਰਗੀ ਦਹੀਂ ਨਾਲ,

ਟੁੱਕਰ ਜੋ ਖਵਾਉਦੀ ਸੀ|


ਘੁੱਟ ਗਲਵਕੱੜੀ ਪਾ ਅੰਤਾਂ ਦਾ,

ਪਿਆਰ ਜਤਾਉਦੀ ਸੀ|


ਇਕ ਝਰੀਟ ਤਨ ਮੇਰੇ ਤੇ,

ਜੋ ਨਾਂ ਜਰਦੀ ਸੀ|


ਕਈ ਕਈ ਥਾਹੀਂ ਜਾ ਮੇਰੇ ਲਈ,

ਚੌਕੀਆਂ ਭਰਦੀ ਸੀ|


ਅੱਜ ਓਹਦੇ ਦਿੱਤੇ ਝੱਗਿਆਂ ਦੀਆਂ ਵੀ,

ਲੀਰਾਂ ਹੋ ਗਈਆਂ ਨੇ|


ਮਾਂ ਦੀਆਂ ਯਾਦਾਂ ਦਿਲ ਵਿੱਚ,

ਜਾਂ ਕੱਧ ਲੱਗੀਆਂ ਤਸਵੀਰਾਂ ਹੋ ਗਈਆਂ ਨੇ|


ਇੰਦਰਪ੍ਰੀਤ ਸਿੰਘ

ਉਡਦੇ ਹੋਏ ਪੰਛੀ ਕਹਿ ਗਏ

ਵੇ ਤੂੰ ਲੱਖਾਂ ਜਿਹਾ ਹੋਇਆ ਸੱਜਣਾ,

ਅਸੀ ਕੱਖਾਂ ਜਿਹੇ ਬਣ ਰਹਿ ਗਏ|


ਉਡੀਕ ਤੇਰੀ 'ਚ ਰਾਹ ਤੇਰੇ ਵਿੱਚ,

ਰਾਹ ਹੀ ਬਣ ਕੇ ਬਹਿ ਗਏ|


ਤੂੰ ਨਾ ਆਇਉ, ਤੇਰੀ ਯਾਦ 'ਚ ਸੱਜਣਾ,

ਅਸੀ ਗਮ ਦੀ ਨਦੀਏਂ ਵਹਿ ਗਏ|


ਟੁੱਟ ਗਏ ਵਾਂਗ ਰੋਹੀ ਦੇ ਰੁੱਖਾਂ,

ਕੱਚੇ ਘਰ ਵਾਂਗਰਾਂ ਢਹਿ ਗਏ|


ਆਸ ਬਹੁਤ ਸੀ ਤੇਰੇ ਆਵਣ ਦੀ

ਟੁੱਟੀ ਆਸ ਤੇ ਨਿਰਾਸੇ ਰਹਿ ਗਏ।


ਤੂੰ ਨਹੀ ਆਉਣਾ ਜਾ ਮੁੜਜਾ ਘਰ ਨੂੰ,

ਮੈਨੂੰ ਉਡਦੇ ਹੋਏ ਪੰਛੀ ਕਹਿ ਗਏ|


ਡੁੱਬ ਚੱਲਿਆ ਹੁਣ ਸੂਰਜ ਵੀ"ਪੀ੍ਤ" ਵੇ

ਸਾਰਾ ਦਿਨ ਧੁੱਪ ਪਿੰਡੇ ਤੇ ਸਹਿ ਗਏ|


ਇੰਦਰਪ੍ਰੀਤ ਸਿੰਘ


ਯਾਦਾਂ ਦਾ ਸਿਰਨਾਵਾਂ

ਕਿਹੜੇ ਖੂੰਜੇ ਦਿਲ ਦੇ ਗੂੰਜੇ,

ਯਾਦਾਂ ਦਾ ਸਿਰਨਾਵਾਂ?


ਮੰਜ਼ਿਲਾਂ ਖੁੱਸੀਆਂ, ਪੈੜਾਂ ਮਿਟੀਆਂ,

ਧੁੰਦਲੀਆਂ ਦਿਸਦੀਆਂ ਰਾਹਾਂ,


ਉਹਨਾਂ ਰਾਹਾਂ ਦੇ ਰੁੱਖ ਵੀ ਸੁੱਕ ਗਏ,

ਹੇਠਾਂ ਵੱਲ ਨੂੰ ਡਾਹਦੇ ਝੁਕ ਗਏ|


ਦਰਿਆਵਾਂ ਚੋਂ ਪਾਣੀ ਵੀ ਮੁੱਕ ਗਏ,

ਦੇਖ ਕੇ "ਪ੍ਰੀਤ" ਦੇ ਸਾਹ ਹੀ ਸੁੱਕ ਗਏ|


ਹਰ ਪਾਸੇ ਹੈ ਧੁੱਪ ਦੁੱਖਾਂ ਦੀ,

ਫਿਰੇ ਲੱਭਦਾ ਸੁੱਖ ਦੀਆਂ ਛਾਵਾਂ|


ਮੰਜ਼ਲਾਂ ਖੁੱਸੀਆਂ, ਪੈੜਾਂ ਮਿਟੀਆਂ,

ਧੁੰਦਲੀਆਂ ਦਿਸਦੀਆਂ ਰਾਹਾਂ|


ਕਿਹੜੇ ਖੂੰਜੇ ਦਿਲ ਦੇ ਗੂੰਜੇ,

ਯਾਦਾਂ ਦਾ ਸਿਰਨਾਵਾਂ?


ਇੰਦਰਪ੍ਰੀਤ ਸਿੰਘ


ਜਿਸਮ ਦੀ ਡਾਚੀ

ਮੇਰੇ ਜਿਸਮ ਦੀ ਡਾਚੀ,

ਉਮਰਾਂ ਦੇ ਥਲ ਗੁਆਚੀ,

ਹੋਈ ਫਿਰੇ ਡੌਰ ਭੌਰੀ,

ਪਈ ਫੱਕਦੀ ਏ ਧੂੜਾਂ|


ਪਾ ਸਕੀਰੀ ਨਾਲ ਹਿਜਰੇ,

ਦੁੱਖਾਂ ਦੀ ਜੰਞ ਆਈ ,

ਮੈ ਦੁਲਹਨ ਓਹਦੀ ਹੋਈ ,

ਗ਼ਮਾਂ ਦਾ ਪਾ ਕੇ ਚੂੜਾ|


ਦੁਖ ਰਗੜੇ ਨੇ ਮਹਿੰਦੀ,

ਹੰਝੂਆਂ ਦਾ ਪਾ ਕੇ ਪਾਣੀ,

ਬਿਰਹੋਂ ਦੇ ਡੀਖੇ ਲਾਈ,

ਰੰਗ ਚੜ੍ਹਦਾ ਏ ਗੂੜ੍ਹਾ|


ਢੋ ਢੋ ਹਿਜਰਾਂ ਨੂੰ ਹੰਭੀ ,

ਥਲ ਜ਼ਿੰਦਗੀ ਦੇ ਆਈ,

ਚੜ੍ਹੇ ਬਿਰਹੋਂ ਦਾ ਵਰੋਲਾ,

ਅੱਖੀਂ ਦਰਦਾਂ ਦਾ ਧੂੜਾ |


ਕਿੱਥੇ ਜਾ ਜਾ ਮੱਥੇ ਟੇਕਾਂ?

ਕਿਸ ਝਾੜੂ ਨਾਲ ਹੂੰਝਾਂ ?

ਬੜਾ ਗਰਦੀ ਏ ਹੋਇਆ,

"ਪ੍ਰੀਤ " ਇਹ ਮਨ ਕੂੜਾ|


ਇੰਦਰਪੀ੍ਤ ਸਿੰਘ