Wednesday 18 May 2011

ਕੱਡ ਕੇ ਚਰਖੀ਼ ਗਮਾਂ ਵਾਲੀ

ਕੱਡ ਕੇ ਚਰਖੀ਼ ਗਮਾਂ ਵਾਲੀ ਮੈਂ,
ਜਦ ਜਦ ਕੱਤਣ ਬੇਹਨੀ ਆਂ,
ਹਰ ਪੂਣੀਂ ਮੇਰੀ ਵਲ ਵਲ ਜਾਵੇ,
ਤੰਦ ਵੀ ਟੁੱਟਦੀ ਰਹਿੰਦੀ ਆ|

ਇਸ ਚੱਰਖੀ 'ਚ ਜੋ ਸੋਨੇ ਦੀਆਂ ਕਿੱਲਾਂ,
ਚਰੂੰਡਦੀਆਂ ਮੈਨੂੰ ਬਣ ਬਣ ਇੱਲਾਂ,
ਘੁੱਕਰ ਇਸ ਦੀ ਵੈਣਾਂ ਵਰਗੀ,
ਕਿਸੇ ਡੇਅਣ ਦਿਆਂ ਨੈਣਾਂ ਵਰਗੀ,
ਹੱਥ 'ਚ ਲੇ ਜੋ ਦੁੱਖਾਂ ਦੀਆਂ ਛਿਟੀਆਂ,
ਮੇਰੀ ਜਿੰਦ ਨੂੰ ਕੁੱਟਦੀ ਰਹਿੰਦੀ ਆ|
ਹਰ ਪੂਣੀਂ ਮੇਰੀ ਵਲ ਵਲ ਜਾਵੇ,
ਤੰਦ ਵੀ ਟੁੱਟਦੀ ਰਹਿੰਦੀ ਆ|

ਮਾਹਲ ਚਰਖੇ ਦੀ ਮੈਨੂੰ ਫੰਦਾ ਜਾਪੇ,
ਫਾਹ ਦੇਵਣ ਵਾਲਾ ਬੰਦਾ ਜਾਪੇ,
ਤੱਕਲਾ ਬਣ ਜਾਏ ਤਿੱਖਾ ਖੰਜ਼ਰ,
ਖੁੱਬ ਜਾਏ ਮੇਰੇ ਜਿਗਰ 'ਚ ਆਪੇ,
ਪੀੜ ਪਰਾਉਣੀ ਪਾ ਪੈਰੀਂ ਝਾਜ਼ਰ,
ਦਿਲ ਮੈਰਾ ਲੁੱਟਦੀ ਰਹਿੰਦੀ ਆ|
ਹਰ ਪੂਣੀਂ ਮੇਰੀ ਵਲ ਵਲ ਜਾਵੇ,
ਤੰਦ ਵੀ ਟੁੱਟਦੀ ਰਹਿੰਦੀ ਆ|

ਜਰ ਨਾ ਹੋਵੇ ਪੀੜ ਵਸਲ ਦੀ,
ਦਰਦਾਂ ਦੇ ਘੁੱਟ ਪੀਵਾਂ ਮੈ,
ਫਟ ਗਏ ਜ਼ਖ਼ਮ ਹਿਜਰ ਦੇ ਅੜਿਆ,
ਕਿਸ ਸੁਈ ਨਾਲ ਸੀਵਾਂ ਮੈ ?
ਪਰ ਜਦ ਜਦ ਸਿਉਣ ਮੈ ਬੈਠੀ,
ਸੁਈ ਪੋਟੇ ਖੁੱਬਦੀ ਰਹਿੰਦੀ ਆ,
ਹਰ ਪੂਣੀਂ ਮੇਰੀ ਵਲ ਵਲ ਜਾਵੇ,
ਤੰਦ ਵੀ ਟੁੱਟਦੀ ਰਹਿੰਦੀ ਆ|

ਜਿਨਾ ਕੁ ਸੂਤ ਮੈ ਕੱਤ ਬੈਠੀ ਆਂ,
ਦੱਸ ਵੇ ਕਿਵੇ ਹੰਡਾਵਾਂ ਮੈ ?
ਜਿਸਮ ਮੈਰੇ ਤੇ ਗਮਾਂ ਦੇ ਫੋੜੇ,
ਦੁਖਣ ਜਾ ਤੱਨ ਤੇ ਪਾਵਾਂ ਮੈ,
ਹਿਜਰ ਕਪਾਹ ਦੀ ਮਹਿਕ ਜਹੀ ਚੰਦਰੀ ,
ਸਾਹ ਮੇਰਾ ਘੁੱਟਦੀ ਰਹਿੰਦੀ ਆ|
ਹਰ ਪੂਣੀਂ ਮੇਰੀ ਵਲ ਵਲ ਜਾਵੇ,
ਤੰਦ ਵੀ ਟੁੱਟਦੀ ਰਹਿੰਦੀ ਆ|

ਇੰਦਰਪੀ੍ਤ ਸਿੰਘ(19/05/2010)

No comments:

Post a Comment